ਗੱਲ ਸੁਣ ਬਿਰਹਾ ਮੇਰਿਆ ਤੂੰ
ਜਦੋਂ ਤੂੰ ਚਾਹਵੇਂ ਆ ਜਾਇਆ ਕਰ
ਰੁੱਤਾਂ ਦੀ ਮਿਜਾਜ ਤਰਾਂ ਕੁੱਝ
ਨਵੀਆਂ ਪਰਤਾਂ ਪਾਇਆ ਕਰ
ਝੱਖੜ ਭਾਂਵੇ ਝੁੱਲਦੇ ਆਏ
ਸਮੇ ਸਮੇਂ ਤੇ ਆਫ਼ਤਾਂ ਦੇ
ਤੂੰ ਬਣ ਕੇ ਛੱਤਰੀ ਮਿਹਰਾਂ ਵਾਲੀ
ਕਦੇ ਤਾਂ ਮੀਂਹ ਵਰਸਾਇਆ ਕਰ
ਮੇਰਾ ਵਜੂਦ ਤਾਂ ਕਿਣਕੇ ਦੀ ਹੌਂਦ ਦੇ ਬਰਾਬਰ
ਜੇ ਜ਼ੋਰ ਅਜਮਾਈ ਕਰਨੀ ਹੈ ਤਾਂ
ਉਚਿਆਂ ਨਾਲ ਟਕਰਾਇਆ ਕਰ
ਬਹੁਤੀ ਦੇਰ ਨਹੀਂ ਠਹਿਰੀ ਦਾ
ਟਿੱਕ ਕਿਸੇ ਦੇ ਘਰ ਦੇ ਅੰਦਰ
ਕਦੇ ਤਾਂ ਪਾਸਾ ਬਦਲ ਕੇ ਤੂੰ ਵੀ
ਕਿਸੇ ਦੂਜੇ ਘਰ ਵਿੱਚ ਜਾਇਆ ਕਰ
.ਬੇਸੁਆਦਲਾ ਹੋ ਜਾਏ ਪਦਾਰਥ
ਢੇਰ ਚਿਰਾਂ ਤੱਕ ਇੱਕ ਥਾਂ ਰਹਿਕੇ
ਤਾਜ਼ੀ ਬੁਰਕੀ ਭੋਜਨ ਦੀ
ਹਰ ਮੌਸਮ ਦੇ ਮੂੰਹ ਪਾਇਆ ਕਰ
ਇੱਕ ਅਰਜੋਈ ਹੈ ਤੇਰੇ ਦਰ ਤੇ ਬਦਕਿਸਮਤ ਤਪੀਏ ਦੀ
ਦੇਜਾ ਪਿਆਰ ਦੇ ਛਿੱਟੇ ਓਹਨੂੰ
ਬਹੁਤਾ ਨਾ ਤੜਪਾਇਆ ਕਰ
****************
ਕੀਰਤ ਸਿੰਘ ਤਪੀਆ
ਅੰਮ੍ਰਿਤਸਰ